Get Even More Visitors To Your Blog, Upgrade To A Business Listing >>

ਅੱਜ 10 ਫਰਵਰੀ 1846 ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਅਤੇ ਅਸੀਂ ਅੱਜ ਤੱਕ ਤਾਬ ਨਹੀਂ ਆਏ

Sham Singh Atariwala death anniversary: ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ਼ਾਮਿਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈ: ਦੇ ਲਗਭਗ ਹੋਇਆ। ਪਿੰਡ ਅਟਾਰੀ, ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ‘ਤੇ 26 ਕਿਲੋਮੀਟਰ ਦੂਰ ਤੇ ਕੌਮਾਂਤਰੀ ਵਾਹਗਾ ਸਰਹੱਦ ਤੋਂ 2 ਕਿਲੋਮੀਟਰ ਉਰ੍ਹਾਂ ਵਸਿਆ ਪੁਰਾਤਨ ਇਤਿਹਾਸਕ ਕਸਬਾ ਹੈ, ਜਿਥੇ ਬਣੇ ਬੁਰਜਾਂ, ਮਹਿਲਾਂ, ਹਵੇਲੀਆਂ ਅਤੇ ਸਮਾਧਾਂ ਉਸ ਦੇ ਇਤਿਹਾਸਕ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ।

Sham Singh Atariwala
ਸਰਦਾਰ ਸ਼ਾਮ ਸਿੰਘ ਅਟਾਰੀ ਨੇ ਛੋਟੀ ਉਮਰ ਵਿਚ ਹੀ ਘੋੜਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰ ਚਲਾਉਣੀ ਆਦਿ ਜੰਗੀ ਕਰਤਬ ਸਿੱਖ ਲਏ ਅਤੇ ਪਿਤਾ ਦੇ ਨਾਲ ਲੜਾਈਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਪਿਤਾ ਦੇ ਹੁੰਦਿਆਂ ਹੀ ਉਨ੍ਹਾਂ ਨੇ 12 ਮਾਰਚ 1816 ਈ: ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਇਕ ਹੀਰਿਆਂ ਜੜੀ ਕਲਗੀ ਪ੍ਰਾਪਤ ਕਰ ਲਈ ਸੀ। ਸਰਦਾਰ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਿਤਾ ਦੀ ਪਦਵੀ ‘ਤੇ ਨਿਯੁਕਤ ਕਰ ਦਿੱਤਾ।

Sham Singh Atariwala

ਮੁਲਤਾਨ ਦੀ ਸੰਨ 1818 ਦੀ ਪਹਿਲੀ ਐਸੀ ਲੜਾਈ ਸੀ, ਜਿਸ ਵਿਚ ਸ: ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੌਹਰ ਦਿਖਾਏ ਸਨ। ਬਹਾਦਰੀ ਦੇ ਜੌਹਰਾਂ ਬਾਰੇ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਖੁਸ਼ ਹੋ ਕੇ ਸ਼ਹਿਜ਼ਾਦਾ ਖੜਕ ਸਿੰਘ, ਸ: ਦਲ ਸਿੰਘ, ਮਿਸਰ ਦੀਵਾਨ ਚੰਦ ਦੇ ਨਾਲ 1818 ਵਿਚ ਹੀ ਪਿਸ਼ਾਵਰ ਦੀ ਮੁਹਿੰਮ ‘ਤੇ ਭੇਜਿਆ ਤੇ ਖਾਲਸਾ ਫੌਜਾਂ ਪਿਸ਼ਾਵਰ ਜਿੱਤ ਕੇ ਮੁੜੀਆਂ। ਇਸ ਉਪਰੰਤ ਸਾਲ 1819 ਵਿਚ ਕਸ਼ਮੀਰ, 1828 ਵਿਚ ਸੰਧੜ, 1831 ਵਿਚ ਸਈਅਦ ਅਹਿਮਦ ਬਰੇਲਵੀ ‘ਤੇ ਜਿੱਤ, 1834 ਵਿਚ ਬੰਨੂੰ ਅਤੇ 1837 ਵਿਚ ਹਜ਼ਾਰੇ ਦੀ ਮੁਹਿੰਮ ਆਦਿ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪ੍ਰਮੁੱਖ ਲੜਾਈਆਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ।

Sham Singh Atariwala
ਪਿਸ਼ਾਵਰ ਦੀ ਮੁਹਿੰਮ ਤੋਂ ਵਾਪਸ ਆ ਕੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੜਕੀ ਨਾਨਕੀ ਦਾ ਸਾਕ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਕੀਤਾ। ਨਿਉਂਦਰੇ ਦੀ ਰਸਮ 6 ਮਾਰਚ 1837 ਵਿਚ ਹੋਈ। 27 ਜੂਨ 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਅਸਤ ਹੋਣ ਲੱਗ ਪਿਆ। ਹੌਲੀ-ਹੌਲੀ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੋਗਰਾਸ਼ਾਹੀ ਆਰੰਭ ਹੋ ਗਈ। ਕਤਲਾਂ ਤੇ ਗਦਾਰੀਆਂ ਦਾ ਮੁੱਢ ਬੱਝ ਗਿਆ। ਇਥੋਂ ਹੀ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਦਾ ਆਰੰਭ ਹੋਇਆ।

Sham Singh Atariwala
ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਪਿੱਛੋਂ ਲਾਹੌਰ ਦਰਬਾਰ ਦਾ ਕੰਮਕਾਜ ਮਹਾਰਾਣੀ ਜਿੰਦ ਕੌਰ ਦੀ ਦੇਖ-ਰੇਖ ਹੇਠ ਚੱਲ ਰਿਹਾ ਸੀ। ਮਹਾਰਾਣੀ ਜਿੰਦ ਕੌਰ ਨੇ 10 ਘੋੜਸਵਾਰਾਂ ਦੇ ਹੱਥ ਸ਼ਾਮ ਸਿੰਘ ਅਟਾਰੀਵਾਲੇ ਨੂੰ ਭੇਜੇ ਸੁਨੇਹੇ ਵਿਚ ਆਖਿਆ ਕਿ ਉਹ ਲਾਹੌਰ ਵੱਲ ਵਧ ਰਹੀਆਂ ਬਰਤਾਨਵੀ ਫੌਜਾਂ ਨੂੰ ਰੋਕੇ। ਅਟਾਰੀ ਵਾਲੇ ਨੇ ਮਹਾਰਾਣੀ ਦਾ ਸੁਨੇਹਾ ਮਿਲਦੇ ਸਾਰ ਹੀ ਖਾਲਸਾ ਫੌਜ ਦੀ ਕਮਾਨ ਸੰਭਾਲੀ ਅਤੇ ਆਪਣੀ ਕਮਾਨ ਹੇਠ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਸਭਰਾਉਂ ਵਿਖੇ ਲੜਾਈ ਦੇ ਮੈਦਾਨ ਵਿਚ ਲੈ ਗਏ।

Sham Singh Atariwala
ਅਖੀਰ 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਫੌਜਾਂ ਨੂੰ ਵੰਗਾਰਿਆ ਤੇ ਆਪਣੀ ਕੁਰਬਾਨੀ ਦੇਣ ਦਾ ਭਰੋਸਾ ਦਿਵਾਇਆ। ਅੰਗਰੇਜ਼ਾਂ ਨੇ ਸੂਰਜ ਚੜ੍ਹਦਿਆਂ ਹੀ ਤੋਪਾਂ ਨਾਲ ਸਿੱਖਾਂ ਦੇ ਮੋਰਚੇ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਵੀ ਹਥਿਆਰ ਸੰਭਾਲੇ। ਗੋਲਿਆਂ ਦਾ ਜਵਾਬ ਗੋਲਿਆਂ ਨਾਲ ਮਿਲਣ ‘ਤੇ ਲੜਾਈ ਭਖ ਪਈ। ਸ: ਸ਼ਾਮ ਸਿੰਘ ਅਟਾਰੀ ਵਾਲਾ ਸਭ ਮੋਰਚਿਆਂ ‘ਤੇ ਜਾ ਕੇ ਆਪ ਜਵਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਇਸ ਤਰ੍ਹਾਂ ਸਿੱਖ ਫੌਜ ਅੰਦਰ ਵਿਸ਼ਵਾਸ ਤੇ ਜੋਸ਼ ਵਧਿਆ ਅਤੇ ਉਨ੍ਹਾਂ ਅੰਗਰੇਜ਼ ਫੌਜਾਂ ਨੂੰ ਪਛਾੜ ਦਿੱਤਾ।

Sham Singh Atariwala

ਪਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਗਦਾਰੀ ਕਰਦਿਆਂ ਸਿੱਖਾਂ ਨੂੰ ਅਸਲ੍ਹੇ ਦੀ ਸਪਲਾਈ ਰੋਕਣ ਲਈ ਸਤਲੁਜ ਦਰਿਆ ਦਾ ਪੁਲ ਤੋੜ ਦਿੱਤਾ। ਅਸਲ੍ਹਾ-ਬਾਰੂਦ ਮੁੱਕਣ ‘ਤੇ ਸਿੱਖਾਂ ਦਾ ਅੰਗਰੇਜ਼ ਫੌਜ ਨੇ ਚੋਖਾ ਨੁਕਸਾਨ ਕੀਤਾ। ਅਖੀਰ ਫਰੰਗੀਆਂ ਦੀਆਂ ਗੋਲੀਆਂ ਨੇ ਸ: ਸ਼ਾਮ ਸਿੰਘ ਅਟਾਰੀ ਦਾ ਸਰੀਰ ਛਲਣੀ ਕਰ ਦਿੱਤਾ ਅਤੇ ਉਹ ਮੈਦਾਨ-ਏ-ਜੰਗ ‘ਚ ਸ਼ਹਾਦਤ ਦਾ ਜਾਮ ਪੀ ਗਏ। ਸ: ਸ਼ਾਮ ਸਿੰਘ ਅਟਾਰੀ ਵਾਲਾ ਦੀ ਮ੍ਰਿਤਕ ਦੇਹ ਨੂੰ ਅਟਾਰੀ ਵਿਖੇ ਲਿਆ ਕੇ ਉਸ ਦਾ ਸਸਕਾਰ ਕੀਤਾ ਗਿਆ।

Sham Singh AtariwalaSham Singh Atariwala death anniversary

ਸ਼ਹੀਦ ਸ: ਸ਼ਾਮ ਸਿੰਘ ਅਟਾਰੀ ਵਾਲੇ ਦੇ ਸਨਮਾਨ ਵਜੋਂ ਪਿੰਡ ਅਟਾਰੀ ਵਿਖੇ ਉਨ੍ਹਾਂ ਦੇ ਵਾਰਸਾਂ ਵੱਲੋਂ ਇਕ ਸ਼ਾਨਦਾਰ ਸਮਾਰਕ ਉਸਾਰਿਆ ਗਿਆ ਹੈ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ 10 ਫਰਵਰੀ ਨੂੰ ਸਮਾਧਾਂ ਅਟਾਰੀ ਵਿਖੇ 170ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।

Sham Singh Atariwala

The post ਅੱਜ 10 ਫਰਵਰੀ 1846 ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਅਤੇ ਅਸੀਂ ਅੱਜ ਤੱਕ ਤਾਬ ਨਹੀਂ ਆਏ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ 10 ਫਰਵਰੀ 1846 ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਅਤੇ ਅਸੀਂ ਅੱਜ ਤੱਕ ਤਾਬ ਨਹੀਂ ਆਏ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×