Get Even More Visitors To Your Blog, Upgrade To A Business Listing >>

ਅੱਜ ਦੇ ਦਿਨ 1920 ਵਿੱਚ ਅਕਾਲੀ ਦਲ ਦੀ ਸਥਾਪਨਾ ਹੋਈ ਸੀ

Shiromani Akali Dal established: ਸ਼੍ਰੋਮਣੀ ਅਕਾਲੀ ਦਲ 20ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁੱਖ ਪਾਰਟੀ ਹੈ, ਜਿਹੜੀ ਸਿੱਖ ਪੰਥ ਦੇ ਰਾਜਸੀ, ਧਾਰਮਿਕ ਤੇ ਸੱਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਅੰਗਰੇਜ਼ੀ ਹਕੂਮਤ ਦੁਆਰਾ ਸਥਾਪਿਤ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਹਿੱਤ 14 ਦਸੰਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਹੋਂਦ ਵਿਚ ਆਈ ਸੀ। 19ਵੀਂ ਸਦੀ ਦੇ ਅੰਤਿਮ ਦਹਾਕੇ ਦੌਰਾਨ ਸਿੰਘ ਸਭਾ ਲਹਿਰ ਨਾਲ ਆਈ ਜਾਗ੍ਰਿਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਕਿ ਸਿੱਖ ਸਿਧਾਂਤ ਤੇ ਸਿੱਖ ਮਰਿਆਦਾ ਦੀ ਉਸ ਸਮੇਂ ਤੱਕ ਬਹਾਲੀ ਨਹੀਂ ਹੋ ਸਕਦੀ ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਿਚ ਸੁਧਾਰ ਨਹੀਂ ਲਿਆਂਦਾ ਜਾਂਦਾ, ਜਿਹੜੇ ਕਿ ਉਸ ਸਮੇਂ ਮਹੰਤਾਂ ਦੇ ਕਬਜ਼ੇ ਵਿਚ ਸਨ।

sad

Shiromani Akali Dal established

ਇਹ ਮਹੰਤ ਗੁਰੂਘਰਾਂ ਉਤੇ ਉਸ ਸਮੇਂ ਤੋਂ ਕਾਬਜ਼ ਸਨ ਜਦੋਂ ਸਿੱਖ ਪੰਥ ਨੂੰ ਮੁਗਲ ਹਕੂਮਤ ਨਾਲ ਟੱਕਰ ਲੈਣੀ ਪਈ ਤੇ ਆਪਣੀ ਸੁਰੱਖਿਆਂ ਹਿਤ ਜੰਗਲਾਂ ਤੇ ਪਹਾੜਾਂ ਵੱਲ ਜਾਣਾ ਪਿਆ ਸੀ। ਜਥੇਬੰਦਕ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਮਹੰਤਾਂ ਦੀਆਂ ਕੁਰੀਤੀਆਂ ਦੇ ਖਿਲਾਫ਼ ਆਵਾਜ਼ਾਂ ਉੱਠਣ ਲੱਗ ਪਈਆਂ ਸਨ। ਸੰਗਠਿਤ ਰੂਪ ਵਿੱਚ ਸੁਧਾਰ ਲਹਿਰ ਚਲਾਉਣ ਵਾਸਤੇ ਖੇਤਰੀ ਖਾਲਸਾ ਦੀਵਾਨਾਂ ਦੇ ਰੂਪ ਵਿਚ ਤਿਆਰੀ ਹੋ ਚੁੱਕੀ ਸੀ।
sad

ਨਵੰਬਰ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਣ ਨਾਲ ਕਿਸੇ ਅਜਿਹੇ ਕੇਂਦਰੀ ਸੰਗਠਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ, ਜਿਸ ਰਾਹੀਂ ਸਾਰੇ ਖੇਤਰੀ ਜਥਿਆਂ ਵਿਚ ਤਾਲਮੇਲ ਸਥਾਪਿਤ ਕੀਤਾ ਜਾ ਸਕੇ। ਉਸ ਮੌਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਘੱਟੋ-ਘੱਟ 10 ਖੇਤਰੀ ਜਥੇ ਗੁਰਦੁਆਰਾ ਸੁਧਾਰ ਲਹਿਰ ਵਿਚ ਆਪਣਾ-ਆਪਣਾ ਯੋਗਦਾਨ ਪਾ ਰਹੇ ਸਨ। ਇੱਕ ਸਮਕਾਲੀ ਰਿਪੋਰਟ ਅਨੁਸਾਰ ਮਾਸਟਰ ਮੋਤਾ ਸਿੰਘ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਕਿ 500 ਸੇਵਾਦਾਰਾਂ ਦੀ ਗਿਣਤੀ ਵਾਲਾ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਵੇ। ਥੋੜ੍ਹੇ ਸਮੇਂ ਬਾਅਦ ਹੀ 18 ਨਵੰਬਰ 1920 ਨੂੰ ਗੁਰਦੁਆਰਾ ਹਸਨ ਅਬਦਾਲ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਵਾਲੇ ਕਰਤਾਰ ਸਿੰਘ ਝੱਬਰ ਨੇ ਇਹ ਪੇਸ਼ਕਸ਼ ਕੀਤੀ ਕਿ ਉਨ੍ਹਾਂ ਕੋਲ 200 ਸਿੱਖਾਂ ਦਾ ਜਥਾ ਤਿਆਰ ਹੈ, ਜਿਸ ਨੂੰ ਕਿਤੇ ਵੀ ਕਾਰਵਾਈ ਲਈ ਭੇਜਿਆ ਜਾ ਸਕਦਾ ਹੈ।

sad

ਇਸ ਕਿਸਮ ਦੇ ਸੁਝਾਵਾਂ ‘ਤੇ ਵਿਚਾਰ ਕਰਨ ਲਈ ਮੁਖੀ ਸਿੱਖਾਂ ਦੀ 13 ਦਸੰਬਰ 1920 ਨੂੰ ਅਕਾਲ ਤਖਤ ਦੇ ਸਾਹਮਣੇ ਇਕ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਇਕ ਕੇਂਦਰੀ ਦਲ ਦੀ ਸਥਾਪਨਾ ਕਰਕੇ ਸ.ਸਰਮੁਖ ਸਿੰਘ ਝਬਾਲ ਨੂੰ ਉਸ ਦਾ ਪ੍ਰਧਾਨ ਥਾਪਿਆ ਗਿਆ। ਆਮ ਕਰਕੇ ਇਸ ਤਾਰੀਖ ਨੂੰ ਹੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਵਾਲਾ ਦਿਨ ਮੰਨਿਆ ਜਾਂਦਾ ਹੈ। ਉਂਜ ਇਸ ਕੇਂਦਰੀ ਦਲ ਨਾਲ ਸ਼੍ਰੋਮਣੀ ਸ਼ਬਦ 29 ਮਾਰਚ 1922 ਨੂੰ ਇਕ ਮਤੇ ਰਾਹੀਂ ਪਾਸ ਕਰਕੇ ਜੋੜਿਆ ਗਿਆ।

sad

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਅਨੁਸਾਰ ਸੇਵਾਦਾਰ ਮੁਹੱਈਆ ਕਰਵਾਉਣਾ ਸੀ। ਜਦੋਂ ਅਕਾਲੀ ਦਲ ਦੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਪੰਜਾਬ ਵਿਚ ਇਸ ਨੇ ਕਈ ਸਫਲ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਆਦਿ ਚਲਾ ਕੇ ਰਾਜਨੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਤਿਕਾਰ ਤੇ ਸ਼ਕਤੀ ਵਿਚ ਭਾਰੀ ਵਾਧਾ ਹੋਇਆ। ਦੋਵਾਂ ਜਥੇਬੰਦੀਆਂ ਦੇ ਕੇਂਦਰੀ ਦਫਤਰ ਦਰਬਾਰ ਸਾਹਿਬ ਵਿਖੇ ਸਥਾਪਤ ਕੀਤੇ ਗਏ ਤੇ ਦੋਵੇਂ ਇਕਸੁਰਤਾ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰੋਗਰਾਮ ਵਿਚ ਸਰਗਰਮ ਰਹੀਆਂ।

sad

ਅੰਗਰੇਜ਼ੀ ਸਰਕਾਰ ਵੱਲੋਂ ਦੋਵੇਂ ਜਥੇਬੰਦੀਆਂ ਨੂੰ ਇਕੱਠਿਆਂ ਹੀ 12 ਅਕਤੂਬਰ 1923 ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਗਿਆ ਤੇ ਫਿਰ ਇਕੱਠਿਆਂ ਹੀ ਇਹ ਪਾਬੰਦੀ 13 ਸਤੰਬਰ 1926 ਨੂੰ ਖ਼ਤਮ ਕੀਤੀ ਗਈ। ਗੁਰਦੁਆਰਾ ਐਕਟ ਪ੍ਰਵਾਨ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੇ 85 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

sad

2ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵੀ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਹੈ। ਮੋਤੀ ਲਾਲ ਨਹਿਰੂ ਦੀ ਅਗਵਾਈ ਵਿਚ ਮੁਸਲਿਮ ਤੇ ਸਿੱਖਾਂ ਦੀ ਸਾਂਝੀ ਬਣੀ ਕਮੇਟੀ ਵਿਚ ਜਦੋਂ ਸਿੱਖ ਹਿਤਾਂ ਦੀ ਸੁਰੱਖਿਆ ਕਰਨ ਦਾ ਕੋਈ ਭਰੋਸਾ ਨਾ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਹੌਰ ਵਿਖੇ 1929 ਵਿਚ ਹੋਣ ਵਾਲੇ ਕਾਂਗਰਸ ਦੇ 44ਵੇਂ ਸਾਲਾਨਾ ਸੈਸ਼ਨ ਦੇ ਸਮਾਨਾਂਤਰ ਅਕਾਲੀ ਕਾਨਫਰੰਸ ਕੀਤੀ, ਜਿਸ ਵਿਚ ਬਾਬਾ ਖੜਕ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ ਤੇ ਸਿੱਖਾਂ ਨੂੰ ਅਣਡਿੱਠ ਕਰਕੇ ਕਿਸੇ ਨੂੰ ਪੰਜਾਬ ਵਿਚ ਰਾਜਸੀ ਵਿਰਾਸਤ ਕਾਇਮ ਨਹੀਂ ਕਰਨ ਦਿੱਤੀ ਜਾਵੇਗੀ। ਇਸ ਦੌਰਾਨ ਕਾਨਫਰੰਸ ਦੀ ਸਮਾਪਤੀ ‘ਤੇ ਇਕ ਬੜਾ ਭਾਰੀ ਜਲੂਸ ਵੀ ਕੱਢਿਆ ਗਿਆ। ਇਸ ਇਕੱਠ ਨੂੰ ਵੇਖ ਕੇ ਕਾਂਗਰਸ ਨੇ ਇਹ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਸਿੱਖਾਂ ਦੀ ਇੱਛਾ ਅਨੁਸਾਰ ਕੀਤੀ ਜਾਵੇਗੀ। 1930 ਵਿਚ ਬਾਬਾ ਖੜਕ ਸਿੰਘ ਤੋਂ ਬਾਅਦ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜਿਹੜੇ ਤਿੰਨ ਦਹਾਕਿਆਂ ਤੱਕ ਅਕਾਲੀ ਦਲ ਦੀਆਂ ਮੋਹਰਲੀਆਂ ਸਫਾਂ ਵਿਚ ਵਿਚਰਦੇ ਰਹੇ।

ਧਰਮਾਂ ਦੇ ਆਧਾਰ ‘ਤੇ ਦੇਸ਼ ਦੀ ਹੋਣ ਵਾਲੀ ਵੰਡ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਤੇ 1942 ਵਿਚ ਕ੍ਰਿਪਸ ਦੇ ਸੁਝਾਅ,1944 ਵਿਚ ਰਾਜਾ ਫਾਰਮੂਲਾ ਤੇ 1946 ਵਿਚ ਕੈਬਨਿਟ ਮਿਸ਼ਨ ਦੀਆਂ ਕਾਰਵਾਈਆਂ ਦਾ ਵਿਰੋਧ ਕਰਕੇ ਦੇਸ਼ ਦੀ ਵੰਡ ਨੂੰ ਰੋਕਣ ਲਈ ਯਤਨ ਜਾਰੀ ਰੱਖੇ ਪ੍ਰੰਤੂ ਅੰਗਰੇਜ਼ਾਂ ਦੀ ਕੂਟਨੀਤੀ ਤੇ ਅਹੁਦਿਆਂ ਦੇ ਲਾਲਚੀ ਲੀਡਰਾਂ ਅੱਗੇ ਉਹ ਬੇਵਸ ਹੋ ਗਏ। 1947 ਵਿਚ ਦੇਸ਼ ਦੀ ਵੰਡ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਲੜਨਾ ਪਿਆ ਤੇ ਅਖੀਰ 1966 ਵਿਚ ਅਕਾਲੀ ਦਲ ਆਪਣੇ ਇਸ ਮਿਸ਼ਨ ਵਿਚ ਕਾਮਯਾਬ ਹੋਇਆ। ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚਰਨ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸੁਯੋਗ ਅਗਵਾਈ ਮਿਲਦੀ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਨੌਜਵਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਇੱਕ ਖੇਤਰੀ ਪਾਰਟੀ ਤੋਂ ਅੱਗੇ ਰਾਸ਼ਟਰੀ ਪਾਰਟੀ ਵਜੋਂ ਸਥਾਪਿਤ ਕਰਨ ਲਈ ਯਤਨਸ਼ੀਲ਼ ਹਨ।

ਇਸ ਦੇ ਲਈ ਉਹ ਹਰਿਆਣਾ ਅਤੇ ਦਿੱਲੀ ਵਿਚ ਚੋਣਾਂ ਲੜ ਕੇ ਕਈ ਵੱਡੇ ਯਤਨ ਕਰ ਚੁੱਕੇ ਹਨ। ਇਸ ਨੀਤੀ ਤਹਿਤ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਲੜੀਆਂ ਗਈਆਂ ਸਨ। ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਜਿੱਤ ਤਾਂ ਭਾਵੇਂ ਨਹੀ ਮਿਲੀ ਲੇਕਿਨ ਹਾਸਲ ਕੀਤੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਭਵਿੱਖ ਦਾ ਸੰਕੇਤ ਜ਼ਰੂਰੀ ਦੇ ਦਿੱਤਾ ਸੀ। ਇਸ ਤੋਂ ਇਲਾਵਾ ਦਿੱਲੀ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਆਪਣੀ ਭਾਈਵਾਲ ਪਾਰਟੀ ਵਲੋਂ ਮਿਲੀਆਂ 10 ਸੀਟਾਂ ਵਿਚੋਂ ਪੰਜ ਸੀਟਾਂ ਜਿੱਤੀਆਂ ਸਨ। ਇਸ ਪ੍ਰਕਾਰ ਹੀ ਹਰਿਆਣਾ ਪ੍ਰਾਂਤ ਦੀਆਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਵੱਲੋਂ ਸੀਟ ਜਿੱਤ ਕੇ ਇਤਿਹਾਸ ਸਿਰਜਿਆ ਗਿਆ ਹੈ। ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਮਜ਼ਬੂਤੀ ਲਈ ਹਰ ਯਤਨ ਕਰ ਰਹੇ ਹਨ।

Shiromani Akali Dal established

sad

The post ਅੱਜ ਦੇ ਦਿਨ 1920 ਵਿੱਚ ਅਕਾਲੀ ਦਲ ਦੀ ਸਥਾਪਨਾ ਹੋਈ ਸੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਦੇ ਦਿਨ 1920 ਵਿੱਚ ਅਕਾਲੀ ਦਲ ਦੀ ਸਥਾਪਨਾ ਹੋਈ ਸੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×