Get Even More Visitors To Your Blog, Upgrade To A Business Listing >>

MULK


ਮੈਂ ਕੱਲ੍ਹ ਰੇਡੀਓ `ਤੇ ਸੁਣਿਆ 
ਕਿ ਏਸ ਮੁਲਕ ਦੇ ਦਿਨ ਬਦਲ ਗਏ ਨੇ 
ਏਸ ਮੁਲਕ ਦੀ ਆਵਾਮ ਬਦਲ ਗਈ ਏ 
ਏਸ ਮੁਲਕ ਦੇ ਚੇਹਰੇ-ਚਿੰਨ੍ਹ ਬਦਲ ਗਏ ਨੇ 
ਮੈਂ ਸੁਣਿਆ ਏਸ ਮੁਲਕ ਦੀ ਬੜੀ ਤਰੱਕੀ ਹੋ ਗਈ ਏ 
ਏਸ ਮੁਲਕ `ਚ ਬੜੇ ਕਮਾਲ ਹੋ ਗਏ ਨੇ 
ਕਹਿੰਦੇ ਕਿ ਪਿੰਡ ਕਸਬੇ ਤੇ ਕਸਬੇ ਸ਼ਹਿਰ ਹੋ ਗਏ ਨੇ 
ਦੁਕਾਨਾਂ ਸ਼ੋਅਰੂਮ ਤੇ ਬਾਜ਼ਾਰ ਮਾੱਲ ਹੋ ਗਏ ਨੇ 
ਕਹਿੰਦੇ ਕਿ ਹੱਟ ਵਾਲਾ ਲਾਲਾ ਹੁਣ ਵੱਡਾ ਬਿਜ਼ਨੈੱਸਮੈਨ ਹੋ ਗਿਆ ਏ 

ਪਰ ਓਹ ਫ਼ੇਰੀ ਵਾਲੇ ਭਾਨੇ ਦਾ ਕੀ ?
ਜਿਹਦੀਆਂ ਲੱਤਾਂ ਪੱਥਰ ਹੋ ਗਈਆਂ ਫ਼ੇਰੀ ਲਾ ਲਾ ਕੇ 
ਜਿਹਦੇ ਸੰਘ `ਚ ਹੀ ਬਹਿ ਗਈ ਓਹਦੀ ਖੜ੍ਹਵੀਂ ਆਵਾਜ਼ 
ਗਲੀਆਂ `ਚ ਹਾਕਾਂ ਲਾ ਲਾ ਕੇ 
ਜਿਹਨੇ ਵਧਾ ਲਏ ਚਿੱਟੀ ਦਾੜ੍ਹੀ ਤੇ ਚਿੱਟੇ ਵਾਲ 
ਖੋਹਰੇ ਕੁਝ ਪੈਸੇ ਬਚਾਉਣ ਲਈ 

ਤੇ ਓਸ ਤੀਰਥ ਨਾਈ ਦਾ ਕੀ ?
ਜਿਹੜਾ ਅੱਜ ਵੀ ਉਸੇ ਖੋਖਿਆਂ ਵਾਲੇ ਚੌਂਕ `ਚ ਬੈਠਾ 
ਉਸੇ ਧਰੇਕ ਦੇ ਥੱਲੇ 
ਓਹੀ ਇੱਕ ਕੁਰਸੀ ਤੇ ਇੱਕ ਸ਼ੀਸ਼ਾ 
ਦੋ ਕੈਂਚੀਆਂ ਦੋ ਕੰਘੇ ਅੱਜ ਵੀ ਓਹਦੇ ਓਹੀ ਔਜ਼ਾਰ ਨੇ 
ਤੇ ਓਹੀ ਓਹਦੇ ਗ੍ਰਾਹਕ ਨੇ 

ਓਹ ਸ਼ਿੰਦਾ ਰਿਕਸ਼ੇ ਵਾਲਾ 
ਜਿਹਨੂੰ ਵੀਹ ਰੁਪਏ ਦੇਣੇ ਹਾਲੇ ਵੀ ਚੁੱਭਦੇ ਨੇ 
ਸਕੂਲ ਵਾਲੀ ਭੈਣਜੀ ਤੇ ਬੈਂਕ ਵਾਲੀ ਕਲਰਕ ਮੈਡਮ ਨੂੰ 
ਮੰਨਿਆ ਕਿ ਓਹਦੇ ਕੋਲ ਰਿਕਸ਼ੇ ਦੀ ਥਾਂ ਆ ਗਿਆ ਈ-ਰਿਕਸ਼ਾ 
ਹੁਣ ਪੈਡਲ ਨਾ ਮਾਰਨ ਕਰਕੇ ਓਹਦੀ ਜੁੱਤੀ ਦਾ ਸਟੈਪ ਨਹੀਂ ਨਿਕਲਦਾ 
ਪਰ ਜੁੱਤੀ ਦਾ ਤਲਾ ਤਾਂ ਅੱਜ ਵੀ ਘਸਿਆ ਪਿਆ 

ਤੇ ਓਹ ਮੋਚੀ ਬਾਪੂ 
ਜਿਹੜਾ ਅੱਜ ਵੀ ਬੋਰੀ ਵਿਛਾ ਕੇ ਪੂੰਜੇ ਬੈਠਾ 
ਮੁੰਡਿਆਂ ਵਾਲੇ ਸਕੂਲ ਦੇ ਬਾਹਰ 
ਮੰਨਿਆ ਕਿ ਹੁਣ ਮੋਚੀ ਸ਼ਬਦ ਦੀ ਇੱਜ਼ਤ ਵੱਧ ਗਈ ਏ 
ਕਿਸੇ ਵੱਡੇ ਬ੍ਰਾਂਡ ਦਾ ਨਾਮ ਜੋ ਹੋ ਗਿਆ 
ਪਰ ਇਸ ਮੋਚੀ ਬਾਪੂ ਦੀ ਇੱਜ਼ਤ ਦਾ ਕੀ ?
ਜੋ ਬੜੀ ਹੈਰਾਨ ਨਜ਼ਰ ਨਾਲ ਤੱਕਦਾ ਰਹਿੰਦਾ 
ਆਉਂਦੇ ਜਾਂਦੇ ਲੋਕਾਂ ਦੇ ਪੈਰੀਂ ਫੈਂਸੀ ਹੀਲਾਂ ਤੇ ਰੰਗ-ਬਿਰੰਗੇ ਸਨਿੱਕਰ 

ਸੱਚ ਨਜ਼ਰ ਤੋਂ ਯਾਦ ਆਇਆ 
ਕਹਿੰਦੇ ਸ਼ਾਮ ਦਰਜ਼ੀ ਦੀ ਨਜ਼ਰ ਤਾਂ ਜਮਾਂ ਈ ਰਹਿ ਗਈ 
ਹੁਣ ਓਹ ਸਿਲਾਈ ਮਾਰਨ ਤੋਂ ਪਹਿਲਾਂ ਲੱਭਦਾ ਜਵਾਕਾਂ ਨੂੰ 
ਸੂਈ `ਚ ਧਾਗਾ ਪਾਉਣ ਲਈ 
ਤੇ ਹੁਣ ਜਦ ਕਦੇ ਸੂਈ ਓਹਦੇ ਪੋਟਿਆਂ `ਚ ਚੁੱਭਦੀ ਆ 
ਤਾਂ ਲਹੂ ਨਹੀਂ ਵਗਦਾ  
ਜਿਵੇਂ ਉਮਰ ਨੇ ਕਰ ਦਿੱਤੀ ਹੋਵੇ ਓਹਦੀ ਲਹੂ ਰਗਾਂ ਦੀ ਤਰਪਾਈ 

ਪਰ ਲਹੂ ਤਾਂ ਵਗਿਆ 
ਲਹੂ ਵਗਿਆ ਕੱਦੂ ਕਰਦੇ ਜੱਟ ਦੇ ਪੈਰ `ਚੋਂ 
ਜਿਹਦੇ ਖੁੱਭ ਗਿਆ ਖਾਲੀ ਮੈਕਡੋਵੈੱਲ ਦੀ ਬੋਤਲ ਦਾ ਟੋਟਾ 
ਜੋ ਭੰਨ ਕੇ ਸੁੱਟ ਗਏ ਰਾਤੀਂ 
ਪਿੰਡ ਚਿੱਲ ਕਰਨ ਆਏ ਸ਼ਹਿਰੀ ਅਮੀਰਯਾਦੇ 
ਜਾਂ ਲਹੂ ਵਗਿਆ ਕੈਮੀਕਲ ਦੇ ਕਾਰਖ਼ਾਨੇ `ਚ 
ਕੰਮ ਕਰਦੇ ਮਜ਼ਦੂਰ ਦੀ ਪਿਸ਼ਾਬ ਰਗ `ਚੋਂ 
ਜਾਂ ਹੱਥ-ਰੇਹੜੇ ਵਾਲੇ ਦੇ ਨੱਕ `ਚੋਂ 
ਜੋ ਸਿਖ਼ਰ ਦੁਪਹਿਰੇ ਖਿੱਚਦਾ ਸੀ ਭਾਰ ਕੱਚੇ ਲੋਹੇ ਦਾ 
ਹਾਂ ਲਹੂ ਤਾਂ ਵਗਿਆ 
ਕਿਸੇ ਦੇ ਹੱਥ `ਚੋਂ ਕਿਸੇ ਦੇ ਸਿਰ `ਚੋ 
ਕਿਸੇ ਦੀ ਬਾਂਹ `ਚੋਂ ਕਿਸੇ ਦੀ ਲੱਤ `ਚੋਂ 
ਹਰ ਜਵਾਨ ਹੋਈ ਕੁੜੀ ਵਾਂਗ ਇੱਥੇ ਲਹੂ ਵਗਿਆ 
ਹਰ ਕਿਰਤ ਕਰਨ ਵਾਲੇ ਦਾ 
ਹਰ ਮਿਹਨਤ ਕਰਨ ਵਾਲੇ ਦਾ 
ਹਰ ਹੱਕ-ਹਲਾਲੀ ਕਰਨ ਵਾਲੇ ਦਾ 

ਤੇ ਜੇ ਏਸ ਮੁਲਕ `ਚ ਲਹੂ ਨਹੀਂ ਵਗਿਆ ਕਿਸੇ ਦਾ 
ਤਾਂ ਓਹ ਲਹੂ ਵਗਾਉਣ ਵਾਲਿਆਂ ਦਾ 
ਧਰਮ ਦੇ ਨਾਮ `ਤੇ ਭੜਕਾਉਣ ਵਾਲਿਆਂ ਦਾ 
ਵੰਡੀਆਂ ਪਾਉਣ ਵਾਲਿਆਂ ਦਾ 
ਕਿਸਾਨਾਂ ਦੀਆਂ ਵੱਟਾਂ ਖਾਉਣ ਵਾਲਿਆਂ ਦਾ
ਕੁੱਲੀਆਂ ਢਾਉਣ ਵਾਲਿਆਂ ਦਾ 
ਤੇ ਆਪਣੀਆਂ ਕੁਰਸੀਆਂ ਬਚਾਉਣ ਵਾਲਿਆਂ ਦਾ 

ਪਰ ਹੁਣ ਸੱਚ ਦੱਸਾਂ 
ਤਾਂ ਏਸ ਮੁਲਕ `ਚ ਕੁਝ ਨਹੀਂ ਬਦਲਿਆ 
ਇੱਥੇ ਸਿਰਫ ਸਦੀਆਂ ਸਾਲ ਜਾਂ ਦਿਨ ਰਾਤ ਬਦਲੇ ਨੇ 
ਸਿਰਫ ਸ਼ਹਿਰਾਂ ਦੇ ਨਾਮ ਜਾਂ ਮੀਡੀਆ ਦੇ ਸਵਾਲਾਤ ਬਦਲੇ ਨੇ 
ਪਰ ਇੱਥੇ ਨਾ ਤਾਂ ਹਾਕਮ ਦੀ ਔਕਾਤ ਬਦਲੀ ਏ 
ਤੇ ਨਾ ਹੀ ਹਜ਼ੂਮ ਦੇ ਹਾਲਾਤ ਬਦਲੇ ਨੇ 
ਏਸ ਮੁਲਕ `ਚ ਕੁਝ ਨਹੀਂ ਬਦਲਿਆ 
ਏਸ ਮੁਲਕ `ਚ ਕੁਝ ਵੀ ਨਹੀਂ ਬਦਲਿਆ ।। 


This post first appeared on Alfaz 4 Life, please read the originial post: here

Subscribe to Alfaz 4 Life

Get updates delivered right to your inbox!

Thank you for your subscription

×